boparaisudhar.com

boparai kalan
ਜੋੜ ਮੇਲਾ 13, 14, 15 Feb, 2014
84rd Annual Barsi Sant Sunder Singh Ji
ਗੁਰਦੁਆਰਾ ਸੱਚਖੰਡ ਬੋਪਾਰਾਏ ਕਲਾਂ ਲੁਧਿਆਣਾ ਵਿਖੇ ਸੰਤ ਗਿਆਨੀ ਸੁੰਦਰ ਸਿੰਘ ਦੇ ਪ੍ਰਲੋਕ ਗਮਨ ਨੂੰ ਸਮਰਪਿਤ ਸਲਾਨਾ ਜੋੜ ਮੇਲਾ 13 ਤੋਂ 15 ਫਰਵਰੀ , 2014 ਨੂੰ ਮਨਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ, ਅਹੁਦੇਦਾਰਾਂ ਵੱਲੋਂ ਸਮੂਹ ਨਗਰ ਬੋਪਾਰਾਏ ਕਲਾਂ, ਇਲਾਕੇ ਦੇ ਸਹਿਯੋਗ ਨਾਲ ਸੰਤ ਗਿਆਨੀ ਸੁੰਦਰ ਸਿੰਘ ਭਿੰਡਰਾਵਾਲਿਆਂ ਦੀ ਯਾਦ 'ਚ 13 ਫਰਵਰੀ ਨੂੰ ਨਗਰ ਕੀਰਤਨ ਅਤੇ 14- 15 ਫਰਵਰੀ ਨੂੰ ਧਾਰਮਿਕ ਦੀਵਾਨ ਸਜਾਏ ਗਏ।

boparai kalan no. 1
Baba Harnam Singh Khalsa, Head Damdami Taksaal paying tribute to Sant Sunder Singh Ji

  ਮਹਾਨ ਪੰਥਕ ਸ਼ਖਸ਼ੀਅਤ :  ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂਵਾਲੇ

ਪੰਜਾਬ ਦੀ ਜਰਖ਼ੇਜ ਧਰਤੀ ਨੂੰ   ਇਹ ਮਾਣ ਪ੍ਰਾਪਤ ਹੈ ਕਿ ਇਸ ਨੇ ਸਮੇਂ ਸਮੇਂ  ਅਜੇਹੇ ਸੰਤਾਂ ਮਹਾਪੁਰਸ਼ਾਂ ਭਗਤਾਂ ਅਤੇ   ਗੁਰਸਿਖਾਂ ਨੂੰ  ਜਨਮ ਦਿੱਤਾ, ਜਿਨਾ ਦੇ ਜੀਵਨ ਦਾ ਮੂਲ ਲਕਸ਼ ਧਰਮ ਦਾ ਪ੍ਰਚਾਰ ਕਰਨਾ ਤੇ ਭੁਲਿਆਂ ਭਟਕਿਆਂ ਨੂੰ ਗੁਰਮਤਿ ਗਾਡੀ ਰਾਹ ਵਿਖਾਉਣਾ ਰਿਹਾ  ਹੈ |ਅਜਿਹੇ ਮਹਾਪੁਰਸ਼ਾਂ ਵਿਚੋਂ ਗੁਰਮਤਿ ਦੇ ਮਹਾਨ ਵਿਦਵਾਨ , ਸੁਭਾਅ  ਦੇ ਤਿਆਗੀ ,ਪਰਉਪਕਾਰੀ, ,ਸਾਦਾ ਲਿਬਾਸ , ਕਹਿਨੀ ਅਤੇ ਕਰਨੀ ਦੇ ਸੂਰੇ,ਗੁਰਬਾਣੀ ਦੇ ਲਾਸਾਨੀ ਵਿਆਖਿਆਕਾਰ ਅਤੇ ਅਦੁਤੀ ਕਥਾਕਾਰ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਵਾਲੇ ਹੋਏ ਹਨ |

ਆਪ ਜੀ ਦਾ ਜਨਮ ਧਰਮ ਦੀ ਕਿਰਤ ਕਰਨ ਵਾਲੇ ਪੂਰਨ ਗੁਰਸਿਖ ਬਾਬਾ ਖਜਾਨ ਸਿੰਘ ਜੀ ਦੇ ਘਰ ਪੂਜਨੀਕ ਮਾਤਾ ਮਹਿਤਾਬ ਕੌਰ ਜੀ ਦੀ ਕੁਖੋਂ  ਅੰਮ੍ਰਿਤ ਵੇਲੇ ਢਾਈ  ਵਜੇ ,ਅਠ  ਭਾਦਰੋਂ ਦਿਨ ਵੀਰਵਾਰ ,ਸਾਵਣ ਦੀ ਪੂਰਨਮਾਸ਼ੀ ,1940 ਬਿਕਰਮੀ ਮੁਤਾਬਕ 1883 ਈਸਵੀ ਨੂੰ ਜਿਲਾ ਫਿਰੋਜ਼ਪੁਰ ਦੇ ਭਾਗਾਂ ਭਰੇ ਪਿੰਡ ਭਿੰਡਰ ਕਲਾਂ ਵਿੱਚ ਹੋਇਆ | ਨਗਰ ਦਾ ਨਾਮ ਭਿੰਡਰ ਕਲਾਂ ਹੋਣ ਕਰਕੇ ਆਪ ਜੀ ਦੇ ਨਾਮ ਦੇ ਨਾਲ ਭਿੰਡਰਾਂਵਾਲੇ ਜੁੜ ਗਿਆ |ਮੁਢਲੀ ਅਰਥ ਵਿਦਿਆ ਆਪ ਜੀ ਨੇ ਆਪਣੇ ਪਿਤਾ ਜੀ ਪਾਸੋਂ ਪ੍ਰਾਪਤ ਕੀਤੀ |ਦਸ ਸਾਲ ਦੀ ਉਮਰ ਵਿੱਚ ਪੰਜ ਗ੍ਰੰਥੀ ,ਬਾਈ ਵਾਰਾਂ, ਭਗਤਾਂ ਦੀ ਬਾਣੀ ਅਤੇ ਹਨੂੰਮਾਨ ਨਾਟਕ ਦਾ ਪਾਠ ਕਰਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਸੰਥਿਆ ਸਹਿਤ ਪਾਠ ਸੰਪੂਰਨ  ਕੀਤਾ | 17-18 ਸਾਲ ਦੀ ਉਮਰ ਵਿੱਚ ਆਪ ਜੀ ਨੇ  ਧਰਮ ਕੋਟ ਦੇ ਇਕ   ਪੰਡਿਤ ਜੀਵਾ ਸਿੰਘ ਤੋਂ ਕਾਵਿ ਕੋਸ਼ ਸੰਸਕ੍ਰਿਤ  ਦਾ   ਵਿਆਕਰਣ ਪੜਿਆ ਅਤੇ ਇਨਾ ਦਿਨਾ ਵਿੱਚ ਹੀ ਵਿਚਾਰ ਸਾਗਰ ਆਦਿਕ ਵੇਦਾਂਤ  ਦੇ ਗ੍ਰੰਥ ਵਿਚਾਰੇ |ਇਸੇ ਸਮੇਂ ਦੌਰਾਨ ਆਪ ਜੀ ਨੇ  ਪਿੰਡ ਦਾਦ  ਜਿਲਾ ਲੁਧਿਆਣਾ ਦੇ ਪੰਡਿਤ ਜੁਆਲਾ ਦਾਸ ਤੋਂ ਮੋਖਸ਼ ਪੰਥ ਬਿਰਤੀ  ਪ੍ਰਭਾਕਰ ਆਦਿ ਵੇਦਾਂਤ ਗੂੜ ਅਰਥਾਂ ਸਹਿਤ ਵਿਚਾਰੇ | ਗੁਰਮਤਿ  ਵਿਦਿਆ ਅਤੇ ਅਧਿਆਤਮਾਕ  ਭੁਖ  ਦੀ ਪੂਰਤੀ ਲਈ ਆਪ ਜੀ ਬ੍ਰਹਮ ਵਿਦਿਆ ਦੇ ਪੂਰਨ ਗਿਆਤੇ ਸੰਤ ਬਿਸ਼ਨ ਸਿੰਘ (ਮੁਰਾਲੇ ਵਾਲੇ) ਜੀ ਪਾਸ ਮੁਰਾਲੇ ਪੁਜ ਗਏ| ਇਥੋਂ ਹੀ ਆਪ ਜੀ ਨੇ  ਗੁਰਬਾਣੀ ਦੀ ਕਥਾ  ਟਕਸਾਲੀ ਅਰਥ ਅਤੇ ਬ੍ਰਹਮ ਗਿਆਨਤਾ ਦੀ ਦਾਤ ਪ੍ਰਾਪਤ ਕੀਤੀ| ਸੰਤ ਬਿਸ਼ਨ ਸਿੰਘ  ਜੀ ਦੇ ਅਕਾਲ ਚਲਾਣੇ ਤੋ ਬਾਅਦ ਆਪ ਜੀ ਟਕਸਾਲ ਦੇ ਮੁਖ ਸੇਵਾਦਾਰ ਬਣੇ |

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ  ਸੰਥਿਆ ਕਥਾ ਆਪ ਜੀ ਨੇ ਆਪਣੇ ਜਨਮ ਨਗਰ ਭਿੰਡਰ ਕਲਾਂ ਤੋਂ ਸ਼ੁਰੂ ਕੀਤੀ| 50-60 ਸਿੰਘਾਂ ਦਾ ਇਕ ਤਕੜਾ ਜਥਾ ਲੈ ਕਿ ਪੰਜਾਬ ਅਤੇ ਭਾਰਤ ਦੇ ਕਈ ਪਿੰਡਾਂ  ਕਸਬਿਆਂ ਤੇ ਸਹਿਰਾਂ  ਚ ਗੁਰਮਤਿ ਪ੍ਰਚਾਰ  ਦੀ  ਜੋਰਦਾਰ ਲਹਿਰ  ਚਲਾ ਦਿੱਤੀ |ਅਨੇਕਾਂ ਪ੍ਰਾਣੀਆਂ ਨੂੰ  ਅਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ |ਆਪ ਪੰਥ ਲਈ ਏਨਾ ਨਿਗਰ ਕੰਮ  ਕਰ ਗਏ, ਜਿਨਾ ਕੋਈ ਸੋਸਾਇਟੀ ਵੀ ਨਹੀ ਕਰ ਸਕਦੀ |ਆਪ ਜੀ ਨੇ ਇੱਕੀ ਲੜੀਵਾਰ ਕਥਾਵਾਂ ਸੰਪੂਰਨ  ਕਰ ਕੇ ਭੋਗ ਪਾਏ|ਆਪ ਜੀ ਪਾਸੋਂ ਲਗਭਗ 1300 ਸਿੰਘਾਂ ਨੇ ਵਿਦਿਆ ਪ੍ਰਾਪਤ ਕੀਤੀ ,ਜਿੰਨਾ ਵਿਚੋਂ 100 ਗਿਆਨੀ,200 ਪ੍ਰਚਾਰਕ ਅਤੇ 1000 ਪਾਠੀ ਬਣੇ| ਆਪ ਜੀ ਦੇ ਪ੍ਰਮੁਖ ਵਿਦਿਆਰਥੀਆਂ ਦੇ ਨਾਮ ਇਸ ਪ੍ਰਕਾਰ ਹਨ :

1. ਸੰਤ ਇੰਦਰ ਸਿੰਘ ਜੀ (ਬਧਨੀ ਕਲਾਂ ) (ਆਪ ਜੀ ਦੇ ਛੋਟੇ ਭਰਾਤਾ)

2. ਸੰਤ ਗਿਆਨੀ  ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ

3. ਸੰਤ ਨਾਰਾਇਣ ਸਿੰਘ ਜੀ (ਲਧਾਈ ਕੇ ਵਾਲੇ)

4. ਸੰਤ ਅਜਾਇਬ ਸਿੰਘ ਜੀ (ਬੋਪਾਰਾਏ ਕਲਾਂ)

ਆਪ ਜੀ ਨੇ ਅਕਾਲੀ ਲਹਿਰ  ਦੇ ਸਾਰੇ ਮੋਰਚਿਆਂ ਸਮੇਂ ਪੰਥ ਵਲੋਂ ਲਗੀ ਪ੍ਰਚਾਰ ਦੀ ਸੇਵਾ ਬੜੀ ਲਗਨ ਨਾਲ ਪੂਰੀ ਕੀਤੀ|ਮੁਕਤਸਰ ਦਾ ਮੋਰਚਾ ਸ਼ਾਂਤੀ ਪੂਰਵਕ ਨ੍ਜਿਠੇ ਜਾਣ ਵਿਚ ਆਪ ਜੀ ਦੀ ਸੂਝ  ਬੂਝ ਅਤੇ ਯੋਗ ਅਗਵਾਈ ਦਾ ਵਧੇਰੇ ਹਿੱਸਾ ਹੈ|ਚਾਬੀਆਂ ਦੇ ਮੋਰਚੇ ਸਮੇਂ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਹਰਚੰਦ ਸਿੰਘ ਲਾਇਲਪੁਰੀ ਅਤੇ ਸ. ਤੇਜਾ ਸਿੰਘ ਸਮੁੰਦਰੀ ਨੇ ਆਪ ਜੀ ਨੂੰ ਇਸ ਬਿਖਰੇ ਸਮੇਂ ਪੰਥ ਦੀ ਸੇਵਾ ਕਰਨ ਲਈ ਕਿਹਾ| ਗੁਰੂ ਕੇ ਬਾਗ  ਦੇ ਮੋਰਚੇ ਸਮੇਂ ਆਪ ਜੀ ਨੇ ਆਪਣੇ ਜਥੇ ਦੇ ਤਿਨ ਸਿੰਘਾਂ ਜਥੇਦਾਰ ਗੁਰਦਿਆਲ ਸਿੰਘ,ਬਾਈ ਹਜੂਰਾ ਸਿੰਘ ਅਤੇ ਭਾਈ ਕਰਤਾਰ ਸਿੰਘ ਨੂੰ  ਜਥੇ ਵਿਚ ਭੇਜਿਆ |ਗੰਗਸਰ  ਜੈਤੋ ਦੇ ਮੋਰਚੇ ਸਮੇਂ ਵੀ ਆਪ ਜੀ ਨੇ ਆਪਣੇ ਜਥੇ ਦੇ ਸਿੰਘਾਂ ਤੇ  ਨਿਕਟ ਵਰਤੀਆਂ ਨੂੰ ਜਥੇ ਵਿਚ ਭੇਜਿਆ |ਖਾਸ ਕਰਕੇ ਸੰਤ ਅਜਾਇਬ ਸਿੰਘ ਜੀ (ਬੋਪਾਰਾਏ ਕਲਾਂ) ,ਭਾਈ ਹਜੂਰਾ ਸਿੰਘ ,ਭਾਈ ਬਿਸ਼ਨ ਸਿੰਘ ,ਬਾਬਾ ਦਸੋਂਦਾ ਸਿੰਘ ਅਤੇ ਬਚਨ ਸਿੰਘ ਵਰਣਨਯੋਗ ਹਨ| ਪ੍ਰਚਾਰ ਕਰਦੇ ਸਮੇਂ ਆਪ ਲੋਕਾਂ ਨੂੰ  ਧਾਰਮਿਕ ਅਤੇ ਪੰਥਕ ਕਾਰਜਾਂ ਲਈ ਕੁਰਬਾਨੀ ਕਰਨ  ਲਈ ਪ੍ਰੇਰਦੇ|

 

ਆਪ ਜੀ ਨੇ ਗੁਰਦੁਆਰਾ ਆਖੰਡ ਪ੍ਰਕਾਸ਼ ਆਪਣੇ ਜਨਮ ਨਗਰ ਭਿੰਡਰ ਕਲਾਂ ਵਿਖੇ ੧੯੭੯ ਬਿਕ੍ਰਮੀ ਨੂੰ ਬਣਾਇਆ |ਅਜੋਕੇ ਸਮੇ ਇਸ ਅਸਥਾਨ ਦੀ ਸੇਵਾ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਨਿਭਾ ਰਹੇ ਹਨ | ਗੁਰਦੁਆਰਾ ਕਲਿਆਣਸਰ ਲਧਾਈ ਕੇ ਜ਼ਿਲਾ ਫਰੀਦਕੋਟ ਅਤੇ ਤਹਿਸੀਲ ਜ਼ਿਲਾ ਮੋਗਾ ਦੇ ਪਿੰਡ ਤਖਤੂਪੁਰਾ ਵਿਖੇ ਨਾਨਕਸਰ ਸਰੋਵਰ ਬਣਾਇਆ |ਇਸ ਅਸਥਾਨ ਨੂੰ ਪਾਤਸ਼ਾਹੀ ਪਹਿਲੀ ਅਤੇ ਪਾਤਸ਼ਾਹੀ ਦਸਵੀ ਪਾ.੧ ਤੇ ਪਾ.੧੦ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ | ਬੋਪਾਰਾਏ ਕਲਾਂ ਲੁਧਿਆਣਾ ਵਿਖੇ ਗੁਰਦਵਾਰਾ ਸਚਖੰਡ ਆਪਣੇ ਹਥੀਂ ਬਣਾਇਆ ਸੀ, ਜਿਥੇ ਅੱਜ ਕੱਲ ਆਪ ਜੀ ਦੀ ਚਲਾਈ ਮਰਯਾਦਾ ਦੇ ਅਨੁਸਾਰ ਕਥਾ ਕੀਰਤਨ ਦੇ ਪਰਵਾਹ ਚਲ ਰਹੇ ਹਨ| ਇਸ ਤੋ ਇਲਾਵਾ ਆਪ ਜੀ ਨੇ ਵਖ ਵਖ ਪਿੰਡਾਂ ਵਿਚ ਸਕੂਲ ਸੰਸਥਾਵਾਂ ਬਣਾਈਆਂ |ਜਿਥੇ ਆਪ ਜੀ ਨੇ ਅਨੇਕਾਂ ਸਕੂਲ ਖੋਲੇ ,ਓਥੇ ਆਪ ਜੀ ਨੇ ਅਨੇਕਾਂ ਸੰਗਤਾਂ ਨੂੰ ਖੰਡੇ ਬਾਟੇ ਦਾ ਅਮ੍ਰਿਤ ਪਾਨ ਕਰਵਾ ਕੇ ਗੁਰੂ ਵਾਲੇ ਬਣਾਇਆ | ਬਾਣੀ ਦੇ ਬਾਣੇ ਵਿੱਚ ਪਰਪੱਕ ਰਹਿਣ ਦੀ ਪ੍ਰੇਰਨਾ ਦਿੱਤੀ , ਓਥੇ ਸਮਾਜਕ ਕੁਰੀਤੀਆਂ , ਵਾਧੂ ਰਸਮਾ , ਮੁਕਦਮੇ ਬਾਜੀ , ਵਿਆਹਾਂ ਤੇ ਵਾਧੂ ਖਰਚ ਆਦਿ ਤੋ ਸੁਚੇਤ ਰਹਿਣ ਲਈ ਪ੍ਰੇਰਿਆ |

 

ਅਖੀਰ ਆਪ ਜੀ 8 ਫੱਗਣ 1986 ਬਿਕ੍ਰਮੀ ਮੁਤਾਬਿਕ 15 ਫ਼ਰਵਰੀ 1930 ਈਸਵੀ ਦਿਨ ਸ਼ਨਿਚਰਵਾਰ ਸਵੇਰੇ ਅਠ ਵਜੇ ਗੁਰੂਦੁਆਰਾ ਬੋਪਾਰਾਏ ਕਲਾਂ ਵਿਖੇ ਆਪਣਾ ਪੰਜ ਭੋਤਿਕ ਸਰੀਰ ਤਿਆਗ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾ ਵਿੱਚ ਜਾ ਬਿਰਾਜੇ| ਸੰਤ ਗਿ. ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆ ਦੀ ਪਵਿੱਤਰ ਯਾਦ ਵਿੱਚ ਗੁਰੂਦੁਆਰਾ ਸਚਖੰਡ ,ਬੋਪਾਰਾਏ ਕਲਾਂ (ਲੁਧਿ ) ਵਿਖੇ ਸਾਲਾਨਾ ਜੋੜਮੇਲਾ 2,3 ਅਤੇ 4 ਫੱਗਣ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ | ਇਸ ਵਿੱਚ ਗੁਣੀ ਗਿਆਨੀ, ਰਾਗੀ ਢਾਡੀ ਅਤੇ ਪ੍ਰਚਾਰਕ ਵਧ ਚੜ ਕੇ ਹਿਸਾ ਲੈਂਦੇ ਹਨ | ਪੰਥ ਦੀਆਂ ਮਹਾਨ ਹਸਤੀਆਂ ਆ ਕੇ ਸ਼ਰਧਾ ਦੇ ਫੁੱਲ ਭੇਂਟ ਕਰਦੀਆਂ ਹਨ | (4 ਫੱਗਣ ) ਅਖੀਰਲੇ ਦਿਨ ਅਮ੍ਰਿਤ ਦੇ ਅਭਿਲਾਖੀ ਅਮ੍ਰਿਤ ਪਾਨ ਕਰ ਕੇ ਗੁਰੂ ਵਾਲੇ ਬਣਦੇ ਹਨ | ਗੁਰੂ ਦਾ ਲੰਗਰ ਅਤੁਟ ਵਰਤਦਾ ਹੈ |ਬੋਪਾਰਾਏ ਕਲਾਂ (ਲੁਧਿ) ਵਿਖੇ ਅੱਜ ਕੱਲ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮੇਮੋਰੀਅਲ 26 ਬੈਡ ਦਾ ਸਰਕਾਰੀ ਹਸਪਤਾਲ , ਸੰਤ ਸੁੰਦਰ ਸਿੰਘ ਸਪੋਰਟਸ ਕਲੱਬ ਅਤੇ ਸੰਤ ਸੁੰਦਰ ਸਿੰਘ ਪਬਲਿਕ ਸਕੂਲ ਚਲ ਰਹੇ ਹਨ | ਸੰਤ ਸੁੰਦਰ ਸਿੰਘ ਮਾਰਗ ( ਲਿੰਕ ਰੋਡ ਬੋਪਾਰਾਏ ਕਲਾਂ - ਰਾਏਕੋਟ ਰੋਡ ) ਤੇ ਆਪ ਜੀ ਦੀ ਯਾਦ ਵਿੱਚ ਨਗਰ ਨਿਵਾਸੀਆਂ ਵੱਲੋਂ ਯਾਦਗਾਰੀ ਗੇਟ ਬਣਾਇਆ ਗਿਆ ਹੈ |

                                           ਲੇਖਕ ਮਾਸਟਰ ਗੁਰਮੀਤ ਸਿੰਘ ਝੱਲੀ                                                                                        


Disclaimer:100% non commercial website. No warranty/liability of any type regarding any content on this website.
Partial content on this website by the courtesy of Jagbani, Ajit, Spokesman, The Tribune & other newspapers